ਐੱਨ.ਡੀ.ਏ. ਸਰਕਾਰ ਅਧੀਨ ਭਾਰਤ, ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਵਿਸ਼ਾਲ ਅਰਥ ਵਿਵਸਥਾ ਬਣ ਗਿਆ ਹੈ।
ਭਾਰਤੀ ਅਰਥ ਵਿਵਸਥਾ ਲਈ ਇਹ ਇੱਕ ਇਤਿਹਾਸਕ ਵਰ੍ਹਾ ਹੈ। ਘੱਟ ਵਿਕਾਸ, ਉੱਚ ਮੁਦਰਾ-ਸਫ਼ੀਤੀ ਅਤੇ ਘਟਦੇ ਉਤਪਾਦਨ ਦੇ ਸਮੇਂ ਤੋਂ ਦੇਸ਼ ਨੂੰ ਕੱਢ ਕੇ ਐੱਨ.ਡੀ.ਏ. ਸਰਕਾਰ ਨੇ ਨਾ ਕੇਵਲ ਸਾਡੇ ਸਮੂਹਕ ਅਰਥ ਵਿਵਸਥਾ ਦੇ ਬੁਨਿਆਦੀ ਤੱਤਾਂ ਨੂੰ ਮਜ਼ਬੂਤ ਕੀਤਾ, ਸਗੋਂ ਅਰਥ ਵਿਵਸਥਾ ਨੂੰ ਉਚੇਰੇ ਵਿਕਾਸ ਦੇ ਪੰਧ ਤੱਕ ਵੀ ਪਹੁੰਚਾਇਆ ਹੈ। ਭਾਰਤ ਦਾ ਕੁੱਲ ਘਰੇਲੂ ਉਤਪਾਦਨ ਵਿਕਾਸ ਵਧ ਕੇ 7.4 % ਹੋ ਗਿਆ ਹੈ, ਜੋ ਵਿਸ਼ਵ ਦੀਆਂ ਸਾਰੀਆਂ ਵਿਸ਼ਾਲ ਅਰਥ ਵਿਵਸਥਾਵਾਂ ਤੋਂ ਵੀ ਤੇਜ਼ ਹੈ।
ਦਰਜਾਬੰਦੀ ਕਰਨ ਵਾਲੀਆਂ ਵੱਖ-ਵੱਖ ਏਜੰਸੀਆਂ ਅਤੇ ਵੱਡੇ ਚਿੰਤਕਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਐੱਨ.ਡੀ.ਏ. ਸਰਕਾਰ ਅਧੀਨ ਅਗਲੇ ਕੁਝ ਵਰ੍ਹਿਆਂ ਦੌਰਾਨ ਭਾਰਤ ਦਾ ਵਿਕਾਸ ਤੇਜ਼ ਰਫ਼ਤਾਰ ਨਾਲ ਵਧੇਗਾ। ਐੱਨ.ਡੀ.ਏ. ਸਰਕਾਰ ਵੱਲੋਂ ਮਜ਼ਬੂਤ ਬੁਨਿਆਦੀ ਸਿਧਾਂਤਾਂ ਉੱਤੇ ਭਰੋਸਾ ਕੀਤਾ ਜਾ ਰਿਹਾ ਹੈ ਅਤੇ ਸੁਧਾਰ ਲਾਗੂ ਕੀਤੇ ਜਾ ਰਹੇ ਹਨ, ਮੂਡੀ’ਜ਼ ਵੱਲੋਂ ਭਾਰਤ ਦੀ ਦਰਜਾਬੰਦੀ ਨੂੰ ਪਿੱਛੇ ਜਿਹੇ ‘ਸਥਿਰ’ ਤੋਂ ਅੱਪਗ੍ਰੇਡ ਕਰ ਕੇ ‘ਹਾਂ-ਪੱਖੀ’ ਕਰ ਦਿੱਤਾ ਹੈ।
ਜਦੋਂ ‘ਬ੍ਰਿਕਸ’ (BRICS) ਦੀ ਸ਼ੁਰੂਆਤ ਹੋਈ ਸੀ, ਤਦ ਅਨੇਕਾਂ ਲੋਕਾਂ ਨੇ ਮਹਿਸੂਸ ਕੀਤਾ ਸੀ ਕਿ ‘ਆਈ’ (ਇੰਡੀਆ) ਇਸ ਲੀਗ ਨਾਲ ਸਬੰਧਤ ਨਹੀਂ ਹੈ ਅਤੇ ਭਾਰਤ ਨੂੰ ਸ਼ੱਕ ਦੀ ਨਜ਼ਰ ਨਾਲ ਹੀ ਵੇਖਿਆ ਗਿਆ ਸੀ। ਹੁਣ, ਇਹ ਉਹੀ ਭਾਰਤ ਹੈ, ਜਿਸ ਨੂੰ ਹੁਣ ‘ਬ੍ਰਿਕਸ’ ਦੇ ਵਿਕਾਸ ਇੰਜਣ ਨੂੰ ਤਾਕਤ ਦੇਣ ਵਾਲਾ ਦੇਸ਼ ਸਮਝਿਆ ਜਾ ਰਿਹਾ ਹੈ।
ਸਰਕਾਰ ਨੇ ਨਿਰਮਾਣ ਉੱਤੇ ਆਪਣਾ ਧਿਆਨ ਕੇਂਦ੍ਰਿਤ ਰੱਖਿਆ, ਜਿਸ ਕਰ ਕੇ ਪਿਛਲੇ ਵਰ੍ਹੇ ਦੇ ਨਾਂਹ-ਪੱਖੀ ਵਿਕਾਸ ਤੋਂ ਬਾਅਦ ਉਦਯੋਗਿਕ ਉਤਪਾਦਨ ਦਾ ਸੂਚਕ-ਅੰਕ ਇਸ ਵਰ੍ਹੇ 2.1 % ਵਧਿਆ। ਮੁਦਰਾ-ਸਫ਼ੀਤੀ (ਡਬਲਿਊ.ਪੀ.ਆਈ.) ਵਿੱਚ ਸਥਿਰ ਗਿਰਾਵਟ ਵੇਖੀ ਗਈ ਹੈ, ਜੋ ਅਪ੍ਰੈਲ 2014 ‘ਚ 5.55 % ਸੀ, ਉਹ ਅਪ੍ਰੈਲ 2015 ‘ਚ ਘਟ ਕੇ 2.65 % ਰਹਿ ਗਈ। ਸਿੱਧੇ ਵਿਦੇਸ਼ੀ ਨਿਵੇਸ਼ ਦੀ ਆਮਦ ਇੱਕ ਇਤਿਹਾਸਕ ਰਫ਼ਤਾਰ ਨਾਲ ਵਧਦੀ ਜਾ ਰਹੀ ਹੈ। ਸਿੱਧੇ ਵਿਦੇਸ਼ੀ ਨਿਵੇਸ਼ ਦੇ ਲਾਭ-ਅੰਸ਼ ਦਾ ਪ੍ਰਵਾਹ 40 % ਵਧ ਕੇ 1,75,886 ਕਰੋੜ ਰੁਪਏ ਉੱਤੇ ਪੁੱਜ ਗਿਆ, ਜਦ ਕਿ ਪਿਛਲੇ ਵਰ੍ਹੇ ਇਹ 1,25,960 ਕਰੋੜ ਰੁਪਏ ਸੀ।
ਵਿੱਤੀ ਘਾਟੇ ਵਿੱਚ ਵੀ ਸਥਿਰ ਢੰਗ ਨਾਲ ਗਿਰਾਵਟ ਆਉਂਦੀ ਜਾ ਰਹੀ ਹੈ। ਭਾਰਤ ਦਾ ਚਾਲੂ ਖਾਤਾ ਘਾਟਾ ਪਿਛਲੇ ਵਰ੍ਹੇ ਕੁੱਲ ਘਰੇਲੂ ਉਤਪਾਦਨ ਦੇ 4.7 % ਤੋਂ ਘਟ ਕੇ ਇਸ ਵਰ੍ਹੇ ਕੁੱਲ ਘਰੇਲੂ ਉਤਪਾਦਨ ਦੇ 1.7 % ਉੱਤੇ ਆ ਗਿਆ ਹੈ। ਭਾਰਤ ਵਿੱਚ ਵਿਦੇਸ਼ੀ ਵਟਾਂਦਰਾ ਦੇ ਰਾਖਵੇਂ ਭੰਡਾਰ ਮਹੱਤਵਪੂਰਨ ਤਰੀਕੇ ਨਾਲ ਵਧੇ ਹਨ, ਜੋ 311.8 ਅਰਬ ਡਾਲਰ ਤੋਂ ਵਧ ਕੇ 352.1 ਅਰਬ ਡਾਲਰ ਹੋ ਗਏ ਹਨ। ਇੰਝ ਹੁਣ ਵਿਸ਼ਵ ਪੱਧਰ ਉੱਤੇ ਭਾਵੇਂ ਕੋਈ ਵੀ ਝਟਕੇ ਲੱਗਣ, ਭਾਰਤ ਉੱਤੇ ਉਨ੍ਹਾਂ ਦਾ ਕੋਈ ਅਸਰ ਨਹੀਂ ਹੋਵੇਗਾ।