ਰਾਸ਼ਟਰ 26 ਨਵੰਬਰ ਨੂੰ ਸੰਵਿਧਾਨ ਦਿਵਸ ਮਨਾਏਗਾ। ਇੱਥੇ ਵਰਨਣਯੋਗ ਹੈ ਕਿ 26 ਨਵੰਬਰ, 1949 ਨੂੰ ਸੰਵਿਧਾਨ ਸਭਾ ਨੇ ਭਾਰਤ ਦੇ ਸੰਵਿਧਾਨ ਨੂੰ ਅਪਣਾਇਆ ਸੀ, ਜਿਸ ਲਈ 26 ਨਵੰਬਰ ਨੂੰ ‘ਸੰਵਿਧਾਨ ਦਿਵਸ’ ਮਨਾਇਆ ਜਾਂਦਾ ਹੈ। ਸੰਵਿਧਾਨ ਦਿਵਸ ਨੂੰ ਮਨਾਉਣਾ 2015 ’ਚ ਸ਼ੁਰੂ ਹੋਇਆ ਸੀ, ਜੋ ਇਸ ਇਤਿਹਾਸਿਕ ਤਰੀਕ ਦੇ ਮਹੱਤਵ ਨੂੰ ਉਚਿਤ ਮਾਨਤਾ ਦੇਣ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ’ਤੇ ਆਧਾਰਤ ਹੈ। ਇਸ ਦ੍ਰਿਸ਼ਟੀਕੋਣ ਦਾ ਅਧਾਰ 2010 ’ਚ ਗੁਜਰਾਤ ਦੇ ਤਤਕਾਲੀਨ ਮੁੱਖ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਆਯੋਜਿਤ ‘ਸੰਵਿਧਾਨ ਗੌਰਵ ਯਾਤਰਾ’ ’ਚ ਨਿਹਿਤ ਹੋ ਸਕਦਾ ਹੈ।
ਇਸ ਵਰ੍ਹੇ ਸੰਵਿਧਾਨ ਦਿਵਸ ਸਮਾਰੋਹ ਅਧੀਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 26 ਨਵੰਬਰ, 2021 ਨੂੰ ਸੰਸਦ ਅਤੇ ਵਿਗਿਆਨ ਭਵਨ ’ਚ ਆਯੋਜਿਤ ਹੋਣ ਵਾਲੇ ਸਮਾਰੋਹਾਂ ’ਚ ਭਾਗ ਲੈਣਗੇ।
ਸੰਸਦ ‘ਚ ਆਯੋਜਿਤ ਪ੍ਰੋਗਰਾਮ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗਾ। ਇਹ ਪ੍ਰੋਗਰਾਮ ਸੰਸਦ ਭਵਨ ਦੇ ਸੈਂਟਰਲ ਹਾਲ ਵਿੱਚ ਹੋਵੇਗਾ। ਪ੍ਰੋਗਰਾਮ ਨੂੰ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਲੋਕ ਸਭਾ ਦੇ ਸਪੀਕਰ ਸੰਬੋਧਨ ਕਰਨਗੇ। ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਉਹ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹ ਕੇ ਸੁਣਾਉਣਗੇ, ਜਿਸ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਰਾਸ਼ਟਰਪਤੀ ਸੰਵਿਧਾਨ ਸਭਾ ਵਿੱਚ ਬਹਿਸਾਂ ਅਤੇ ਵਿਚਾਰ-ਵਟਾਂਦਰੇ ਦਾ ਇੱਕ ਡਿਜੀਟਲ ਸੰਸਕਰਣ, ਭਾਰਤ ਦੇ ਸੰਵਿਧਾਨ ਦੀ ਕੈਲੀਗ੍ਰਾਫਿਕ ਕਾਪੀ ਦਾ ਇੱਕ ਡਿਜੀਟਲ ਸੰਸਕਰਣ ਅਤੇ ਭਾਰਤ ਦੇ ਸੰਵਿਧਾਨ ਦੇ ਅੱਪਡੇਟ ਕੀਤੇ ਸੰਸਕਰਣ ਨੂੰ ਵੀ ਜਾਰੀ ਕਰਨਗੇ, ਜਿਸ ਵਿੱਚ ਹੁਣ ਤੱਕ ਦੀਆਂ ਸਾਰੀਆਂ ਸੋਧਾਂ ਸ਼ਾਮਲ ਹੋਣਗੀਆਂ। ਉਹ ‘ਸੰਵਿਧਾਨਕ ਲੋਕਤੰਤਰ ਬਾਰੇ ਔਨਲਾਈਨ ਕੁਇਜ਼’ ਦਾ ਉਦਘਾਟਨ ਵੀ ਕਰਨਗੇ।
ਪ੍ਰਧਾਨ ਮੰਤਰੀ ਨਵੀਂ ਦਿੱਲੀ ਦੇ ਵਿਗਿਆਨ ਭਵਨ ਦੇ ਪਲੈਨਰੀ ਹਾਲ ਵਿੱਚ ਸ਼ਾਮ 5:30 ਵਜੇ ਸੁਪਰੀਮ ਕੋਰਟ ਵੱਲੋਂ ਆਯੋਜਿਤ ਦੋ-ਦਿਨਾ ਸੰਵਿਧਾਨ ਦਿਵਸ ਸਮਾਰੋਹ ਦਾ ਉਦਘਾਟਨ ਕਰਨਗੇ। ਇਸ ਮੌਕੇ ਸੁਪਰੀਮ ਕੋਰਟ ਦੇ ਸਾਰੇ ਜੱਜ, ਸਾਰੀਆਂ ਹਾਈ ਕੋਰਟਾਂ ਦੇ ਚੀਫ਼ ਜਸਟਿਸ ਅਤੇ ਹੋਰ ਸੀਨੀਅਰ ਜੱਜ, ਸੌਲਿਸਿਟਰ ਜਨਰਲ ਆਵ੍ ਇੰਡੀਆ ਅਤੇ ਕਾਨੂੰਨੀ ਖੇਤਰ ਦੇ ਹੋਰ ਮੈਂਬਰ ਹਾਜ਼ਰ ਹੋਣਗੇ। ਪ੍ਰਧਾਨ ਮੰਤਰੀ ਵਿਸ਼ੇਸ਼ ਅਸੈਂਬਲੀ ਨੂੰ ਵੀ ਸੰਬੋਧਨ ਕਰਨਗੇ।
************
ਡੀਐੱਸ/ਐੱਸਐੱਚ